13 ਸਾਲ (ਜਾਂ ਤੁਹਾਡੇ ਦੇਸ਼ ਵਿੱਚ ਲਾਗੂ ਉਮਰ) ਤੋਂ ਛੋਟੇ ਬੱਚਿਆਂ ਦੇ ਮਾਪਿਆਂ ਲਈ Family Link ਖੁਲਾਸਾ

13 ਸਾਲ (ਜਾਂ ਤੁਹਾਡੇ ਦੇਸ਼ ਵਿੱਚ ਲਾਗੂ ਉਮਰ) ਤੋਂ ਛੋਟੇ ਬੱਚਿਆਂ ਲਈ, Family Link ਨਾਲ ਪ੍ਰਬੰਧਿਤ Google ਖਾਤਿਆਂ ਅਤੇ ਪ੍ਰੋਫਾਈਲਾਂ ਲਈ ਪਰਦੇਦਾਰੀ ਨੋਟਿਸ ਦੇਖੋ

ਮਾਂ-ਪਿਓ ਦਾ ਜੀ ਆਇਆਂ ਨੂੰ!

ਤੁਹਾਡਾ ਭਰੋਸਾ ਸਾਡੀ ਤਰਜੀਹ ਹੈ, ਅਤੇ ਤੁਹਾਡੇ ਬੱਚੇ ਨੂੰ Google ਖਾਤਾ ਬਣਾ ਕੇ ਦੇਣਾ ਇੱਕ ਵੱਡਾ ਫ਼ੈਸਲਾ ਹੈ। ਹੋਰ ਜਾਣਨ ਲਈ ਕੁਝ ਸਮਾਂ ਕੱਢ ਕੇ ਇਸ ਮਹੱਤਵਪੂਰਨ ਜਾਣਕਾਰੀ ਦੀ ਸਮੀਖਿਆ ਕਰੋ।

ਤੁਹਾਡੇ ਬੱਚੇ ਦਾ Google ਖਾਤਾ

ਤੁਹਾਡੇ ਬੱਚੇ ਦਾ Google ਖਾਤਾ ਤੁਹਾਡੇ ਆਪਣੇ Google ਖਾਤੇ ਵਰਗਾ ਹੈ ਅਤੇ ਇਹ Google ਦੇ ਕਈ ਉਤਪਾਦਾਂ ਅਤੇ ਸੇਵਾਵਾਂ ਤੱਕ ਪਹੁੰਚ ਦੀ ਪੇਸ਼ਕਸ਼ ਕਰਦਾ ਹੈ, ਜਿਨ੍ਹਾਂ ਵਿੱਚ ਅਜਿਹੀਆਂ ਸੇਵਾਵਾਂ ਸ਼ਾਮਲ ਹਨ ਜੋ ਬੱਚਿਆਂ ਲਈ ਡਿਜ਼ਾਈਨ ਜਾਂ ਤਿਆਰ ਨਹੀਂ ਕੀਤੀਆਂ ਗਈਆਂ ਹਨ। ਤੁਹਾਡਾ ਬੱਚਾ ਸ਼ਾਇਦ ਇਹ ਚੀਜ਼ਾਂ ਕਰਨ ਲਈ ਆਪਣੇ ਖਾਤੇ ਦੀ ਵਰਤੋਂ ਕਰ ਸਕਦਾ ਹੈ:

  • Google Assistant, Chrome, Search ਅਤੇ ਹੋਰ ਜਨਰੇਟਿਵ AI ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਕੇ ਸਵਾਲ ਪੁੱਛਣਾ, ਇੰਟਰਨੈੱਟ ਤੱਕ ਪਹੁੰਚ ਕਰਨਾ ਅਤੇ ਖੋਜ ਕਰਨਾ;

  • Gmail, SMS, ਵੀਡੀਓ, ਅਵਾਜ਼, ਅਤੇ ਹੋਰ ਸੰਚਾਰ ਵਿਧੀਆਂ ਦੀ ਵਰਤੋਂ ਕਰਦੇ ਹੋਏ ਦੂਜਿਆਂ ਨਾਲ ਗੱਲਬਾਤ ਕਰਨਾ;

  • ਐਪਾਂ, ਗੇਮਾਂ, ਸੰਗੀਤ, ਫ਼ਿਲਮਾਂ ਅਤੇ ਹੋਰ ਬਹੁਤ ਕੁਝ ਡਾਊਨਲੋਡ ਕਰਨਾ, ਖਰੀਦਣਾ ਅਤੇ ਉਨ੍ਹਾਂ ਦਾ ਅਨੰਦ ਮਾਣਨਾ;

  • ਫ਼ੋਟੋਆਂ, ਵੀਡੀਓ, ਪੇਸ਼ਕਾਰੀਆਂ, ਦਸਤਾਵੇਜ਼, ਅਤੇ ਹੋਰ ਸਮੱਗਰੀ ਨੂੰ ਬਣਾਉਣਾ, ਦੇਖਣਾ, ਅਤੇ ਸਾਂਝਾ ਕਰਨਾ;

  • Google Fit ਵਿੱਚ (ਤੁਹਾਡੇ ਬੱਚੇ ਦੇ ਡੀਵਾਈਸਾਂ ਦੇ ਆਧਾਰ 'ਤੇ) ਸਰਗਰਮੀ ਦੇ ਪੱਧਰ ਅਤੇ ਦਿਲ ਦੀ ਧੜਕਣ ਸਮੇਤ ਸਿਹਤ ਅਤੇ ਫਿੱਟਨੈੱਸ ਸੰਬੰਧੀ ਜਾਣਕਾਰੀ ਨੂੰ ਟਰੈਕ ਕਰਨਾ;

  • Google ਦੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋਏ ਸੰਦਰਭੀ ਵਿਗਿਆਪਨ ਦੇਖਣਾ।

Family Link ਅਤੇ ਮਾਂ-ਪਿਓ ਵੱਲੋਂ ਨਿਗਰਾਨੀ

Google ਦੀ Family Link ਐਪ ਬੁਨਿਆਦੀ ਨਿਯਮ ਸੈੱਟ ਕਰਨ ਵਿੱਚ ਤੁਹਾਡੀ ਮਦਦ ਕਰਨ ਅਤੇ ਤੁਹਾਡੇ ਬੱਚੇ ਵੱਲੋਂ ਆਨਲਾਈਨ ਪੜਚੋਲ ਕਰਨ 'ਤੇ ਉਸਦੇ ਅਨੁਭਵ ਨੂੰ ਨਿਰਦੇਸ਼ਿਤ ਕਰਨ ਲਈ ਤਿਆਰ ਕੀਤੀ ਗਈ ਹੈ। ਤੁਹਾਡਾ ਬੱਚਾ ਤੁਹਾਡੇ Google ਪਰਿਵਾਰ ਗਰੁੱਪ ਦਾ ਹਿੱਸਾ ਬਣ ਜਾਵੇਗਾ, ਜਿਸਦੀ ਵਰਤੋਂ ਤੁਸੀਂ Google ਸੇਵਾਵਾਂ ਨੂੰ ਆਪਣੇ ਬੱਚੇ ਅਤੇ ਚਾਰ ਤੱਕ ਹੋਰ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰਨ ਲਈ ਕਰ ਸਕਦੇ ਹੋ। ਤੁਸੀਂ ਬਾਅਦ ਵਿੱਚ ਆਪਣੇ ਬੱਚੇ ਦੇ ਖਾਤੇ ਦੀ ਨਿਗਰਾਨੀ ਕਰਨ ਵਿੱਚ ਮਦਦ ਲਈ ਆਪਣੇ ਸਾਥੀ ਨੂੰ ਜੋੜ ਸਕੋਗੇ। ਮਾਂ-ਪਿਓ ਇਹ ਚੀਜ਼ਾਂ ਕਰਨ ਲਈ Family Link ਦੀ ਵਰਤੋਂ ਕਰ ਸਕਦੇ ਹਨ:

  • ਆਪਣੇ ਬੱਚੇ ਦੇ Android ਜਾਂ ChromeOS ਡੀਵਾਈਸਾਂ 'ਤੇ ਸਕ੍ਰੀਨ ਸਮਾਂ ਸੀਮਾਵਾਂ ਸੈੱਟ ਕਰਨੀਆਂ;

  • ਆਪਣੇ ਬੱਚੇ ਦੇ ਸਾਈਨ-ਇਨ ਕੀਤੇ ਅਤੇ ਕਿਰਿਆਸ਼ੀਲ Android ਡੀਵਾਈਸਾਂ ਦਾ ਟਿਕਾਣਾ ਦੇਖਣਾ;

  • Google Play 'ਤੇ ਆਪਣੇ ਬੱਚੇ ਦੇ ਡਾਊਨਲੋਡਾਂ ਅਤੇ ਖਰੀਦਾਂ ਨੂੰ ਮਨਜ਼ੂਰ ਕਰਨਾ ਜਾਂ ਸਮੱਗਰੀ ਰੇਟਿੰਗਾਂ ਦੇ ਆਧਾਰ 'ਤੇ ਸਮੱਗਰੀ ਦੀ ਦਿਖਣਯੋਗਤਾ ਨੂੰ ਸੀਮਤ ਕਰਨਾ;

  • ਅਜਿਹੀਆਂ ਕਿਸਮਾਂ ਦੀ ਸਰਗਰਮੀ ਨੂੰ ਚੁਣਨ ਵਿੱਚ ਆਪਣੇ ਬੱਚੇ ਦੀ ਮਦਦ ਕਰਨੀ ਜਿਨ੍ਹਾਂ ਨੂੰ ਉਸਦੇ Google ਖਾਤੇ ਵਿੱਚ ਰੱਖਿਅਤ ਕੀਤਾ ਜਾ ਸਕਦਾ ਹੈ ਅਤੇ ਇਸਨੂੰ ਉਸਦੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਲਈ ਕਿਵੇਂ ਵਰਤਿਆ ਜਾ ਸਕਦਾ ਹੈ;

  • Google Search ਲਈ SafeSearch ਵਰਗੀਆਂ ਸੈਟਿੰਗਾਂ ਦਾ ਪ੍ਰਬੰਧਨ ਕਰਨਾ;

  • ਆਪਣੇ ਬੱਚੇ ਦੀਆਂ ਐਪ ਇਜਾਜ਼ਤਾਂ ਦੀ ਸਮੀਖਿਆ ਕਰਨੀ, ਜਿਵੇਂ ਕਿ Android ਅਤੇ ChromeOS 'ਤੇ ਮਾਈਕ੍ਰੋਫ਼ੋਨ, ਕੈਮਰੇ ਅਤੇ ਸੰਪਰਕਾਂ ਤੱਕ ਪਹੁੰਚ;

  • YouTube ਅਤੇ YouTube Kids ਸਮੇਤ YouTube ਅਨੁਭਵਾਂ ਲਈ ਸਮੱਗਰੀ, ਪਹੁੰਚ ਅਤੇ ਹੋਰ ਸੈਟਿੰਗਾਂ ਨੂੰ ਬਦਲਣਾ।

ਹਾਲਾਂਕਿ Family Link ਦੇ ਮਾਪਿਆਂ ਦੇ ਕੰਟਰੋਲ ਤੁਹਾਡੇ ਬੱਚੇ ਦੇ ਅਨੁਭਵ ਦੀ ਨਿਗਰਾਨੀ ਕਰਨ ਅਤੇ ਉਸਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ, ਪਰ ਅਜਿਹੀਆਂ ਕੁਝ ਸੀਮਾਵਾਂ ਹਨ ਜਿਨ੍ਹਾਂ ਨੂੰ ਤੁਹਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ:

  • ਹਾਲਾਂਕਿ Family Link ਦੇ ਮਾਪਿਆਂ ਦੇ ਕਈ ਕੰਟਰੋਲਾਂ ਦਾ ਵੈੱਬ 'ਤੇ ਪ੍ਰਬੰਧਨ ਕੀਤਾ ਜਾ ਸਕਦਾ ਹੈ, ਪਰ ਤੁਹਾਨੂੰ ਸਕ੍ਰੀਨ ਸਮਾਂ ਸੀਮਾਵਾਂ ਵਰਗੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਦਾ ਪ੍ਰਬੰਧਨ ਕਰਨ ਲਈ Android ਜਾਂ iOS 'ਤੇ Family Link ਐਪ ਦੀ ਲੋੜ ਪਵੇਗੀ।

  • SafeSearch, Chrome ਵੈੱਬਸਾਈਟ ਪਾਬੰਦੀਆਂ ਅਤੇ Play Store ਫਿਲਟਰਾਂ ਵਰਗੀਆਂ ਸੈਟਿੰਗਾਂ ਅਣਉਚਿਤ ਸਮੱਗਰੀ ਤੱਕ ਪਹੁੰਚ ਸੀਮਤ ਕਰਨ ਵਿੱਚ ਮਦਦ ਕਰ ਸਕਦੀਆਂ ਹਨ, ਪਰ ਉਹ ਸਟੀਕ ਨਹੀਂ ਹਨ। ਜਨਰੇਟਿਵ AI ਵਿਸ਼ੇਸ਼ਤਾਵਾਂ ਗਲਤ ਜਾਣਕਾਰੀਆਂ ਦੇ ਸਕਦੀਆਂ ਹਨ ਜਾਂ ਸਵਾਲਾਂ ਨੂੰ ਗਲਤ ਢੰਗ ਨਾਲ ਸਮਝ ਸਕਦੀਆਂ ਹਨ, ਇਸ ਲਈ ਤੁਸੀਂ ਆਪਣੇ ਬੱਚੇ ਨੂੰ ਜਾਣਕਾਰੀ ਦੀ ਪੁਸ਼ਟੀ ਭਰੋਸੇਯੋਗ ਸਰੋਤਾਂ ਨਾਲ ਕਰਨ ਲਈ ਕਹੋ। ਇਨ੍ਹਾਂ ਕੰਟਰੋਲਾਂ ਦੇ ਚਾਲੂ ਹੋਣ 'ਤੇ ਵੀ, ਤੁਹਾਡਾ ਬੱਚਾ ਹਾਲੇ ਵੀ ਉਸ ਸਮੱਗਰੀ ਤੱਕ ਪਹੁੰਚ ਕਰ ਸਕਦਾ ਹੈ ਜੋ ਤੁਸੀਂ ਨਹੀਂ ਚਾਹੁੰਦੇ ਕਿ ਉਹ ਦੇਖੇ।

  • ਮਾਂ-ਪਿਓ ਦੀ ਮਨਜ਼ੂਰੀ ਦੀ ਉਸ ਵੇਲੇ ਲੋੜ ਨਹੀਂ ਹੁੰਦੀ ਜਦੋਂ ਤੁਹਾਡਾ ਬੱਚਾ ਕਿਸੇ ਅਜਿਹੀ ਐਪ ਜਾਂ ਹੋਰ ਸਮੱਗਰੀ ਨੂੰ ਮੁੜ-ਡਾਊਨਲੋਡ ਕਰਦਾ ਹੈ ਜਿਸਦੇ ਲਈ ਪਹਿਲਾਂ ਮਨਜ਼ੂਰੀ ਦਿੱਤੀ ਗਈ ਸੀ, ਕਿਸੇ ਐਪ ਲਈ ਅੱਪਡੇਟ ਸਥਾਪਤ ਕਰਦਾ ਹੈ (ਅਜਿਹਾ ਅੱਪਡੇਟ ਵੀ ਜੋ ਸਮੱਗਰੀ ਸ਼ਾਮਲ ਕਰਦਾ ਹੈ ਜਾਂ ਵਧੀਕ ਡਾਟੇ ਜਾਂ ਇਜਾਜ਼ਤਾਂ ਦੀ ਮੰਗ ਕਰਦਾ ਹੈ) ਜਾਂ ਤੁਹਾਡੀ Google Play ਪਰਿਵਾਰ ਲਾਇਬ੍ਰੇਰੀ ਤੋਂ ਸਾਂਝੀ ਕੀਤੀ ਸਮੱਗਰੀ ਡਾਊਨਲੋਡ ਕਰਦਾ ਹੈ।

  • ਕੁਝ Family Link ਵਿਸ਼ੇਸ਼ਤਾਵਾਂ ਦੀ ਉਪਲਬਧਤਾ ਸੀਮਤ ਹੈ ਅਤੇ ਉਨ੍ਹਾਂ ਨੂੰ ਕੰਮ ਕਰਨ ਲਈ ਕੁਝ ਖਾਸ ਸੈਟਿੰਗਾਂ ਅਤੇ ਸਥਿਤੀਆਂ ਦੀ ਲੋੜ ਹੁੰਦੀ ਹੈ। ਉਦਾਹਰਨ ਲਈ, ਐਪਾਂ ਨੂੰ ਬਲਾਕ ਕਰਨਾ ਸਿਰਫ਼ ਉਦੋਂ ਉਪਲਬਧ ਹੁੰਦਾ ਹੈ ਜਦੋਂ ਤੁਹਾਡੇ ਬੱਚੇ ਨੇ ਕਿਸੇ ਅਨੁਰੂਪ Android ਜਾਂ ChromeOS ਡੀਵਾਈਸ ਵਿੱਚ ਸਾਈਨ-ਇਨ ਕੀਤਾ ਹੋਇਆ ਹੋਵੇ, ਅਤੇ Family Link ਐਪ ਵਿੱਚ ਆਪਣੇ ਬੱਚੇ ਦੇ ਡੀਵਾਈਸ ਦਾ ਟਿਕਾਣਾ ਦੇਖਣਾ ਸਿਰਫ਼ ਉਦੋਂ ਉਪਲਬਧ ਹੁੰਦਾ ਹੈ ਜਦੋਂ ਉਸਦੇ Android ਡੀਵਾਈਸ ਨੂੰ ਚਾਲੂ ਕੀਤਾ ਗਿਆ ਹੋਵੇ ਅਤੇ ਉਹ ਇੰਟਰਨੈੱਟ ਨਾਲ ਕਨੈਕਟ ਹੋਵੇ।

ਜਦੋਂ ਤੁਹਾਡਾ ਬੱਚਾ 13 ਸਾਲ ਦਾ ਹੁੰਦਾ ਹੈ (ਉਮਰ ਦੇਸ਼ ਮੁਤਾਬਕ ਵੱਖੋ-ਵੱਖਰੀ ਹੋ ਸਕਦੀ ਹੈ), ਤਾਂ ਉਹ ਤੁਹਾਡੀ ਨਿਗਰਾਨੀ ਤੋਂ ਬਿਨਾਂ ਖੁਦ ਆਪਣੇ ਖਾਤੇ ਦਾ ਪ੍ਰਬੰਧਨ ਕਰਨ ਬਾਰੇ ਚੁਣ ਸਕਦਾ ਹੈ।

ਦੂਜਿਆਂ ਦਾ ਸਤਿਕਾਰ ਕਰੋ

ਸਾਡੀਆਂ ਬਹੁਤ ਸਾਰੀਆਂ ਸੇਵਾਵਾਂ ਤੁਹਾਡੇ ਬੱਚੇ ਨੂੰ ਸਾਡੀਆਂ ਸੇਵਾਵਾਂ ਵਰਤਣ ਵਾਲੇ ਹੋਰ ਲੋਕਾਂ ਨਾਲ ਗੱਲਬਾਤ ਕਰਨ ਦਿੰਦੀਆਂ ਹਨ। ਅਸੀਂ ਹਰੇਕ ਲਈ ਸਤਿਕਾਰਯੋਗ ਮਹੌਲ ਬਣਾਉਣਾ ਚਾਹੁੰਦੇ ਹਾਂ। ਇਸਦਾ ਮਤਲਬ ਹੈ ਕਿ ਤੁਹਾਡੇ ਬੱਚੇ ਨੂੰ ਸਾਡੀਆਂ ਸੇਵਾਵਾਂ ਵਰਤਣ ਵੇਲੇ ਆਚਰਨ ਦੇ ਬੁਨਿਆਦੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਵੇਂ ਕਿ ਖੁਦ ਨਾਲ ਜਾਂ ਦੂਜਿਆਂ ਨਾਲ ਦੁਰਵਿਹਾਰ ਨਾ ਕਰਨਾ ਜਾਂ ਨੁਕਸਾਨ ਨਾ ਪਹੁੰਚਾਉਣਾ (ਜਾਂ ਧਮਕਾਉਣਾ ਜਾਂ ਅਜਿਹੇ ਦੁਰਵਿਹਾਰ ਜਾਂ ਨੁਕਸਾਨ ਨੂੰ ਉਤਸ਼ਾਹਿਤ ਨਾ ਕਰਨਾ) - ਉਦਾਹਰਨ ਲਈ, ਗੁਮਰਾਹ ਕਰ ਕੇ, ਠੱਗੀ ਮਾਰ ਕੇ, ਬਦਨਾਮੀ ਕਰ ਕੇ, ਸਤਾ ਕੇ, ਹੋਰਾਂ ਦਾ ਪਿੱਛਾ ਕਰ ਕੇ ਜਾਂ ਜਨਤਕ ਤੌਰ 'ਤੇ ਨਫ਼ਰਤ ਭਰੀ ਸਮੱਗਰੀ ਵੰਡ ਕੇ (ਜਿਵੇਂ ਕਿ ਲੋਕਾਂ ਦੀ ਮੂਲ ਥਾਂ, ਨਸਲ, ਧਰਮ, ਲਿੰਗ, ਜਿਨਸੀ ਰੁਝਾਨ, ਆਦਿ ਦੇ ਆਧਾਰ 'ਤੇ ਨਫ਼ਰਤ ਫੈਲਾਉਣ ਜਾਂ ਵਿਤਕਰਾ ਪੈਦਾ ਕਰਨ ਵਾਲੀ ਸਮੱਗਰੀ)। ਨਫ਼ਰਤ ਭਰੀ ਸਮੱਗਰੀ ਦੇ ਪ੍ਰਕਾਸ਼ਨ ਨਾਲ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਦਿਵਾਨੀ ਜਾਂ ਫ਼ੌਜਦਾਰੀ ਜਵਾਬਦੇਹੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਤੁਹਾਡੇ ਬੱਚੇ ਦੀ ਪਰਦੇਦਾਰੀ

ਤੁਹਾਡੇ ਬੱਚੇ ਵਾਸਤੇ ਖੁਦ ਦਾ Google ਖਾਤਾ ਜਾਂ ਪ੍ਰੋਫਾਈਲ ਬਣਾਉਣ ਲਈ, ਇਸ ਪਰਦੇਦਾਰੀ ਨੋਟਿਸ ਅਤੇ Google ਪਰਦੇਦਾਰੀ ਨੀਤੀ ਵਿੱਚ ਵਰਣਨ ਕੀਤੇ ਮੁਤਾਬਕ ਸਾਨੂੰ ਤੁਹਾਡੇ ਬੱਚੇ ਦੀ ਜਾਣਕਾਰੀ ਦੀ ਵਰਤੋਂ ਕਰਨ ਜਾਂ ਉਸਦਾ ਪ੍ਰਗਟਾਅ ਕਰਨ ਲਈ ਤੁਹਾਡੀ ਇਜਾਜ਼ਤ ਦੀ ਲੋੜ ਪੈ ਸਕਦੀ ਹੈ। ਜਦੋਂ ਤੁਸੀਂ ਆਪਣੇ ਬੱਚੇ ਨੂੰ ਸਾਡੀਆਂ ਸੇਵਾਵਾਂ ਵਰਤਣ ਦੀ ਆਗਿਆ ਦਿੰਦੇ ਹੋ, ਤਾਂ ਤੁਸੀਂ ਅਤੇ ਤੁਹਾਡਾ ਬੱਚਾ ਆਪਣੀ ਜਾਣਕਾਰੀ ਨਾਲ ਸਾਡੇ 'ਤੇ ਭਰੋਸਾ ਕਰ ਰਿਹਾ ਹੁੰਦਾ ਹੈ। ਅਸੀਂ ਸਮਝਦੇ ਹਾਂ ਕਿ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਅਤੇ ਤੁਹਾਨੂੰ ਕੰਟਰੋਲ ਦੇਣ ਲਈ ਸਖਤ ਮਿਹਨਤ ਕਰਦੇ ਹਾਂ। 'ਵੈੱਬ ਅਤੇ ਐਪ ਸਰਗਰਮੀ', YouTube ਇਤਿਹਾਸ ਵਰਗੀਆਂ ਚੀਜ਼ਾਂ, ਅਤੇ ਲਾਗੂ ਖੇਤਰਾਂ, ਲਿੰਕ ਕੀਤੀਆਂ ਕਈ Google ਸੇਵਾਵਾਂ ਵਿੱਚ ਤੁਸੀਂ ਇਹ ਚੁਣ ਸਕਦੇ ਹੋ ਕਿ ਤੁਹਾਡਾ ਬੱਚਾ ਆਪਣੇ ਸਰਗਰਮੀ ਕੰਟਰੋਲਾਂ ਦਾ ਪ੍ਰਬੰਧਨ ਕਰ ਸਕਦਾ ਹੈ ਜਾਂ ਨਹੀਂ।

13 ਸਾਲ (ਜਾਂ ਤੁਹਾਡੇ ਦੇਸ਼ ਵਿੱਚ ਲਾਗੂ ਉਮਰ) ਤੋਂ ਛੋਟੇ ਬੱਚਿਆਂ ਲਈ, Family Link ਨਾਲ ਪ੍ਰਬੰਧਿਤ ਪ੍ਰੋਫਾਈਲਾਂ ਅਤੇ Google ਖਾਤਿਆਂ ਲਈ ਇਹ ਪਰਦੇਦਾਰੀ ਨੋਟਿਸ ਅਤੇ Google ਪਰਦੇਦਾਰੀ ਨੀਤੀ Google ਦੇ ਪਰਦੇਦਾਰੀ ਵਿਹਾਰਾਂ ਦੀ ਵਿਆਖਿਆ ਕਰਦੇ ਹਨ। ਕੁਝ ਹੱਦ ਤੱਕ ਤੁਹਾਡੇ ਬੱਚੇ ਦੇ ਖਾਤੇ ਜਾਂ ਪ੍ਰੋਫਾਈਲ ਨਾਲ ਖਾਸ ਤੌਰ 'ਤੇ ਸੰਬੰਧਿਤ ਪਰਦੇਦਾਰੀ ਵਿਹਾਰ ਹੁੰਦੇ ਹਨ, ਜਿਵੇਂ ਕਿ ਵਿਅਕਤੀਗਤ ਬਣਾਈ ਵਿਗਿਆਪਨ ਸੇਵਾ 'ਤੇ ਲੱਗਣ ਵਾਲੀਆਂ ਪਾਬੰਦੀਆਂ ਦੇ ਸੰਬੰਧ ਵਿੱਚ, ਉਨ੍ਹਾਂ ਵਖਰੇਵਿਆਂ ਬਾਰੇ ਇਸ ਪਰਦੇਦਾਰੀ ਨੋਟਿਸ ਵਿੱਚ ਦੱਸਿਆ ਗਿਆ ਹੈ।

ਇਹ ਪਰਦੇਦਾਰੀ ਨੋਟਿਸ ਅਜਿਹੀ ਕਿਸੇ ਵੀ ਤੀਜੀ-ਧਿਰ (ਗੈਰ-Google) ਦੀ ਐਪ, ਕਾਰਵਾਈ ਜਾਂ ਵੈੱਬਸਾਈਟ ਦੇ ਵਿਹਾਰਾਂ 'ਤੇ ਲਾਗੂ ਨਹੀਂ ਹੁੰਦਾ ਹੈ ਜਿਨ੍ਹਾਂ ਨੂੰ ਸ਼ਾਇਦ ਤੁਹਾਡਾ ਬੱਚਾ ਵਰਤ ਸਕਦਾ ਹੈ। ਤੁਹਾਨੂੰ ਤੀਜੀ-ਧਿਰ ਦੀਆਂ ਐਪਾਂ, ਕਾਰਵਾਈਆਂ ਅਤੇ ਸਾਈਟਾਂ ਲਈ ਲਾਗੂ ਹੋਣ ਵਾਲੇ ਨਿਯਮਾਂ ਅਤੇ ਨੀਤੀਆਂ ਦੀ ਇਹ ਨਿਰਧਾਰਿਤ ਕਰਨ ਲਈ ਸਮੀਖਿਆ ਕਰਨੀ ਚਾਹੀਦੀ ਹੈ ਕਿ ਉਹ ਤੁਹਾਡੇ ਬੱਚੇ ਲਈ ਢੁਕਵੇਂ ਹਨ, ਜਿਸ ਵਿੱਚ ਉਸਦੀ ਡਾਟਾ ਇਕੱਤਰਤਾ ਅਤੇ ਵਰਤੋਂ ਵਿਹਾਰ ਵੀ ਸ਼ਾਮਲ ਹਨ।

ਉਹ ਜਾਣਕਾਰੀ ਜੋ ਅਸੀਂ ਇਕੱਤਰ ਕਰਦੇ ਹਾਂ

ਜਦੋਂ ਤੁਸੀਂ ਆਪਣੇ ਬੱਚੇ ਲਈ Google ਖਾਤਾ ਜਾਂ ਪ੍ਰੋਫਾਈਲ ਬਣਾਉਣ ਦੀ ਇਜਾਜ਼ਤ ਦੇ ਦਿੰਦੇ ਹੋ, ਤਾਂ ਅਸੀਂ ਉਸਦੇ ਖਾਤੇ ਜਾਂ ਪ੍ਰੋਫਾਈਲ ਨਾਲ ਉਸੇ ਤਰ੍ਹਾਂ ਦਾ ਵਿਹਾਰ ਕਰਾਂਗੇ ਜਿਵੇਂ ਕਿ ਅਸੀਂ ਆਮ ਤੌਰ 'ਤੇ ਤੁਹਾਡੀ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ ਦੇ ਸੰਬੰਧ ਵਿੱਚ ਕਰਦੇ ਹਾਂ। ਉਦਾਹਰਨ ਲਈ, ਅਸੀਂ ਇਸ ਤਰ੍ਹਾਂ ਦੀ ਜਾਣਕਾਰੀ ਇਕੱਤਰ ਕਰਦੇ ਹਾਂ:

ਅਜਿਹੀ ਜਾਣਕਾਰੀ ਜੋ ਤੁਸੀਂ ਅਤੇ ਤੁਹਾਡਾ ਬੱਚਾ ਬਣਾਉਂਦੇ ਹੋ ਜਾਂ ਸਾਨੂੰ ਮੁਹੱਈਆ ਕਰਵਾਉਂਦੇ ਹੋ।

ਖਾਤਾ ਜਾਂ ਪ੍ਰੋਫਾਈਲ ਬਣਾਉਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ, ਅਸੀਂ ਨਿੱਜੀ ਜਾਣਕਾਰੀ ਮੰਗ ਸਕਦੇ ਹਾਂ, ਜਿਵੇਂ ਕਿ ਨਾਮ ਦਾ ਪਹਿਲਾ ਅਤੇ ਆਖਰੀ ਭਾਗ, ਈਮੇਲ ਅਤੇ ਜਨਮ ਤਾਰੀਖ। ਅਸੀਂ ਉਹ ਜਾਣਕਾਰੀ ਇਕੱਤਰ ਕਰਦੇ ਹਾਂ, ਜੋ ਤੁਸੀਂ ਜਾਂ ਤੁਹਾਡਾ ਬੱਚਾ ਮੁਹੱਈਆ ਕਰਾਉਂਦਾ ਹੈ, ਜਿਵੇਂ ਕਿ ਤੁਹਾਡੇ ਆਨਲਾਈਨ ਸੰਪਰਕ ਵੇਰਵੇ, ਜੋ ਸਾਡੇ ਵਾਸਤੇ ਤੁਹਾਡੀ ਸਹਿਮਤੀ ਦੀ ਬੇਨਤੀ ਲਈ ਤੁਹਾਡੇ ਨਾਲ ਸੰਪਰਕ ਕਰਨ ਵਾਸਤੇ ਜ਼ਰੂਰੀ ਹਨ। ਅਸੀਂ ਉਹ ਜਾਣਕਾਰੀ ਵੀ ਇਕੱਤਰ ਕਰਦੇ ਹਾਂ ਜੋ ਤੁਹਾਡਾ ਬੱਚਾ ਆਪਣੇ ਖਾਤੇ ਜਾਂ ਪ੍ਰੋਫਾਈਲ ਦੀ ਵਰਤੋਂ ਕਰਦੇ ਸਮੇਂ ਬਣਾਉਂਦਾ ਹੈ, ਅੱਪਲੋਡ ਕਰਦਾ ਹੈ ਜਾਂ ਦੂਜਿਆਂ ਤੋਂ ਪ੍ਰਾਪਤ ਕਰਦਾ ਹੈ, ਜਿਵੇਂ ਕਿ ਜਦੋਂ ਤੁਹਾਡਾ ਬੱਚਾ Google Photos ਵਿੱਚ ਕੋਈ ਤਸਵੀਰ ਰੱਖਿਅਤ ਕਰਦਾ ਹੈ ਜਾਂ Google Drive ਵਿੱਚ ਕੋਈ ਦਸਤਾਵੇਜ਼ ਬਣਾਉਂਦਾ ਹੈ।

ਤੁਹਾਡੇ ਬੱਚੇ ਵੱਲੋਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ 'ਤੇ ਸਾਨੂੰ ਪ੍ਰਾਪਤ ਹੋਣ ਵਾਲੀ ਜਾਣਕਾਰੀ।

ਅਸੀਂ ਤੁਹਾਡੇ ਬੱਚੇ ਵੱਲੋਂ ਵਰਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਉਨ੍ਹਾਂ ਨੂੰ ਵਰਤਣ ਦੇ ਤਰੀਕਿਆਂ ਬਾਰੇ ਕੁਝ ਖਾਸ ਜਾਣਕਾਰੀ ਸਵੈਚਲਿਤ ਤੌਰ 'ਤੇ ਇਕੱਤਰ ਅਤੇ ਸਟੋਰ ਕਰਦੇ ਹਾਂ, ਜਿਵੇਂ ਕਿ ਜਦੋਂ ਤੁਹਾਡਾ ਬੱਚਾ Google Search ਜਾਂ Gemini ਵਿੱਚ ਕੋਈ ਪੁੱਛਗਿੱਛ ਦਾਖਲ ਕਰਦਾ ਹੈ, Google Assistant ਨਾਲ ਗੱਲ ਕਰਦਾ ਹੈ ਜਾਂ YouTube Kids 'ਤੇ ਕੋਈ ਵੀਡੀਓ ਦੇਖਦਾ ਹੈ। ਇਸ ਜਾਣਕਾਰੀ ਵਿੱਚ ਇਹ ਚੀਜ਼ਾਂ ਸ਼ਾਮਲ ਹਨ:

  • ਤੁਹਾਡੇ ਬੱਚੇ ਦੀਆਂ ਐਪਾਂ, ਬ੍ਰਾਊਜ਼ਰ ਅਤੇ ਡੀਵਾਈਸ

    ਅਸੀਂ ਉਨ੍ਹਾਂ ਐਪਾਂ, ਬ੍ਰਾਊਜ਼ਰਾਂ ਅਤੇ ਡੀਵਾਈਸਾਂ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ ਜਿਨ੍ਹਾਂ ਨੂੰ ਤੁਹਾਡਾ ਬੱਚਾ Google ਸੇਵਾਵਾਂ ਤੱਕ ਪਹੁੰਚਣ ਲਈ ਵਰਤਦਾ ਹੈ, ਜਿਨ੍ਹਾਂ ਵਿੱਚ ਵਿਲੱਖਣ ਪਛਾਣਕਰਤਾ, ਬ੍ਰਾਊਜ਼ਰ ਦੀ ਕਿਸਮ ਅਤੇ ਸੈਟਿੰਗਾਂ, ਡੀਵਾਈਸ ਦੀ ਕਿਸਮ ਅਤੇ ਸੈਟਿੰਗਾਂ, ਓਪਰੇਟਿੰਗ ਸਿਸਟਮ, ਕੈਰੀਅਰ ਦੇ ਨਾਮ ਅਤੇ ਫ਼ੋਨ ਨੰਬਰ ਸਮੇਤ ਮੋਬਾਈਲ ਨੈੱਟਵਰਕ ਬਾਰੇ ਜਾਣਕਾਰੀ, ਅਤੇ ਐਪਲੀਕੇਸ਼ਨ ਦਾ ਵਰਜਨ ਨੰਬਰ ਸ਼ਾਮਲ ਹਨ। ਅਸੀਂ ਤੁਹਾਡੇ ਬੱਚੇ ਦੀਆਂ ਐਪਾਂ, ਬ੍ਰਾਊਜ਼ਰਾਂ ਅਤੇ ਡੀਵਾਈਸਾਂ ਦੀ ਸਾਡੀਆਂ ਸੇਵਾਵਾਂ ਦੇ ਨਾਲ ਅੰਤਰਕਿਰਿਆ ਬਾਰੇ ਵੀ ਜਾਣਕਾਰੀ ਇਕੱਤਰ ਕਰਦੇ ਹਾਂ, ਜਿਸ ਵਿੱਚ IP ਪਤਾ, ਕ੍ਰੈਸ਼ ਰਿਪੋਰਟਾਂ, ਸਿਸਟਮ ਸਰਗਰਮੀ, ਅਤੇ ਤੁਹਾਡੇ ਬੱਚੇ ਦੀ ਬੇਨਤੀ ਦਾ ਸਮਾਂ, ਤਾਰੀਖ ਅਤੇ ਹਵਾਲਾ URL ਸ਼ਾਮਲ ਹਨ। ਉਦਾਹਰਨ ਲਈ, ਅਸੀਂ ਇਹ ਜਾਣਕਾਰੀ ਉਸ ਵੇਲੇ ਇਕੱਤਰ ਕਰਦੇ ਹਾਂ ਜਦੋਂ ਤੁਹਾਡੇ ਬੱਚੇ ਦੇ ਡੀਵਾਈਸ 'ਤੇ ਕੋਈ Google ਸੇਵਾ ਸਾਡੇ ਸਰਵਰਾਂ ਨਾਲ ਸੰਪਰਕ ਕਰਦੀ ਹੈ, ਜਿਵੇਂ ਕਿ ਜਦੋਂ ਉਹ Play Store ਤੋਂ ਕੋਈ ਐਪ ਸਥਾਪਤ ਕਰਦਾ ਹੈ।

  • ਤੁਹਾਡੇ ਬੱਚੇ ਦੀ ਸਰਗਰਮੀ

    ਅਸੀਂ ਆਪਣੀਆਂ ਸੇਵਾਵਾਂ ਵਿੱਚ ਤੁਹਾਡੇ ਬੱਚੇ ਦੀ ਸਰਗਰਮੀ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ, ਜਿਸਦੀ ਵਰਤੋਂ ਅਸੀਂ ਤੁਹਾਡੇ ਬੱਚੇ ਦੀਆਂ ਸੈਟਿੰਗਾਂ ਦੇ ਆਧਾਰ 'ਤੇ ਉਨ੍ਹਾਂ ਨੂੰ Google Play 'ਤੇ ਪਸੰਦ ਆ ਸਕਣ ਵਾਲੀਆਂ ਐਪਾਂ ਦੀ ਸਿਫ਼ਾਰਸ਼ ਕਰਨ ਵਰਗੀਆਂ ਚੀਜ਼ਾਂ ਲਈ ਕਰਦੇ ਹਾਂ। ਤੁਸੀਂ ਇਹ ਚੁਣ ਸਕਦੇ ਹੋ ਕਿ ਤੁਹਾਡਾ ਬੱਚਾ ਆਪਣੇ ਸਰਗਰਮੀ ਕੰਟਰੋਲਾਂ ਦਾ ਪ੍ਰਬੰਧਨ ਕਰ ਸਕਦਾ ਹੈ ਜਾਂ ਨਹੀਂ। ਸਾਡੇ ਵੱਲੋਂ ਤੁਹਾਡੇ ਬੱਚੇ ਦੀ ਸਰਗਰਮੀ ਬਾਰੇ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ ਵਿੱਚ ਖੋਜ ਸ਼ਬਦ, ਉਨ੍ਹਾਂ ਵੱਲੋਂ ਦੇਖੇ ਜਾਂਦੇ ਵੀਡੀਓ, ਆਡੀਓ ਵਿਸ਼ੇਸ਼ਤਾਵਾਂ ਵਰਤਣ ਵੇਲੇ ਅਵਾਜ਼ ਅਤੇ ਆਡੀਓ ਜਾਣਕਾਰੀ, ਲੋਕ ਜਿਨ੍ਹਾਂ ਨਾਲ ਉਹ ਗੱਲਬਾਤ ਕਰਦੇ ਹਨ ਜਾਂ ਸਮੱਗਰੀ ਨੂੰ ਸਾਂਝਾ ਕਰਦੇ ਹਨ, ਅਤੇ Chrome ਬ੍ਰਾਊਜ਼ਿੰਗ ਇਤਿਹਾਸ ਜੋ ਉਨ੍ਹਾਂ ਨੇ ਆਪਣੇ Google ਖਾਤੇ ਦੇ ਨਾਲ ਸਿੰਕ ਕੀਤਾ ਹੈ, ਵਰਗੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ। ਜੇ ਤੁਹਾਡਾ ਬੱਚਾ ਕਾਲਾਂ ਕਰਨ ਅਤੇ ਪ੍ਰਾਪਤ ਕਰਨ ਜਾਂ ਸੁਨੇਹੇ ਭੇਜਣ ਅਤੇ ਪ੍ਰਾਪਤ ਕਰਨ ਲਈ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦਾ ਹੈ, ਉਦਾਹਰਨ ਲਈ Google Meet ਦੀ ਵਰਤੋਂ ਕਰ ਕੇ, ਤਾਂ ਅਸੀਂ ਟੈਲੀਫ਼ੋਨੀ ਲੌਗ ਇਕੱਤਰ ਕਰ ਸਕਦੇ ਹਾਂ। ਤੁਹਾਡਾ ਬੱਚਾ ਆਪਣੇ ਖਾਤੇ ਵਿੱਚ ਰੱਖਿਅਤ ਕੀਤੀ ਸਰਗਰਮੀ ਜਾਣਕਾਰੀ ਨੂੰ ਲੱਭਣ ਅਤੇ ਉਸਦਾ ਪ੍ਰਬੰਧਨ ਕਰਨ ਲਈ ਆਪਣੇ Google ਖਾਤੇ ਜਾਂ ਪ੍ਰੋਫਾਈਲ ਵਿੱਚ ਜਾ ਸਕਦਾ ਹੈ ਅਤੇ ਤੁਸੀਂ ਆਪਣੇ ਬੱਚੇ ਦੇ Google ਖਾਤੇ ਵਿੱਚ ਸਾਈਨ-ਇਨ ਕਰ ਕੇ ਜਾਂ Family Link ਵਿੱਚ ਉਸਦੇ ਪ੍ਰੋਫਾਈਲ ਤੱਕ ਪਹੁੰਚ ਕਰ ਕੇ ਉਸਦੀ ਸਰਗਰਮੀ ਜਾਣਕਾਰੀ ਦਾ ਪ੍ਰਬੰਧਨ ਕਰਨ ਵਿੱਚ ਮਦਦ ਵੀ ਕਰ ਸਕਦੇ ਹੋ।

  • ਤੁਹਾਡੇ ਬੱਚੇ ਦੀ ਟਿਕਾਣਾ ਜਾਣਕਾਰੀ

    ਜਦੋਂ ਤੁਹਾਡਾ ਬੱਚਾ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦਾ ਹੈ ਤਾਂ ਅਸੀਂ ਉਸਦੇ ਟਿਕਾਣੇ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ। ਤੁਹਾਡੇ ਬੱਚੇ ਦਾ ਟਿਕਾਣਾ GPS, IP ਪਤੇ, ਉਸਦੇ ਡੀਵਾਈਸ ਦੇ ਸੈਂਸਰ ਡਾਟੇ ਅਤੇ ਉਸਦੇ ਡੀਵਾਈਸ ਦੀਆਂ ਨੇੜਲੀਆਂ ਚੀਜ਼ਾਂ ਬਾਰੇ ਜਾਣਕਾਰੀ ਜਿਵੇਂ ਕਿ ਵਾਈ-ਫਾਈ ਪਹੁੰਚ ਬਿੰਦੂ, ਸੈੱਲ ਟਾਵਰ ਅਤੇ ਬਲੂਟੁੱਥ-ਸਮਰਥਿਤ ਡੀਵਾਈਸਾਂ ਰਾਹੀਂ ਨਿਰਧਾਰਿਤ ਕੀਤਾ ਜਾ ਸਕਦਾ ਹੈ। ਸਾਡੇ ਵੱਲੋਂ ਇਕੱਤਰ ਕੀਤੇ ਜਾਣ ਵਾਲੇ ਟਿਕਾਣੇ ਦੇ ਡਾਟੇ ਦੀਆਂ ਕਿਸਮਾਂ ਇੱਕ ਹੱਦ ਤੱਕ ਤੁਹਾਡੀਆਂ ਸੈਟਿੰਗਾਂ ਅਤੇ ਤੁਹਾਡੇ ਬੱਚੇ ਦੇ ਡੀਵਾਈਸਾਂ 'ਤੇ ਆਧਾਰਿਤ ਹੁੰਦੀਆਂ ਹਨ।

  • ਤੁਹਾਡੇ ਬੱਚੇ ਦੀ ਅਵਾਜ਼ੀ ਅਤੇ ਆਡੀਓ ਜਾਣਕਾਰੀ

    ਅਸੀਂ ਤੁਹਾਡੇ ਬੱਚੇ ਦੀ ਅਵਾਜ਼ੀ ਅਤੇ ਆਡੀਓ ਜਾਣਕਾਰੀ ਇਕੱਠੀ ਕਰ ਸਕਦੇ ਹਾਂ। ਉਦਾਹਰਨ ਵਜੋਂ, 'ਵੈੱਬ ਅਤੇ ਐਪ ਸਰਗਰਮੀ' ਸੈਟਿੰਗ ਚਾਲੂ ਹੋਣ 'ਤੇ, ਜੇ ਤੁਹਾਡਾ ਬੱਚਾ ਆਡੀਓ ਕਿਰਿਆਸ਼ੀਲ ਕਰਨ ਦੇ ਆਦੇਸ਼ਾਂ ਦੀ ਵਰਤੋਂ ਕਰਦਾ ਹੈ (ਜਿਵੇਂ ਕਿ, “OK, Google” ਜਾਂ ਮਾਈਕ੍ਰੋਫ਼ੋਨ ਪ੍ਰਤੀਕ ਨੂੰ ਸਪਰਸ਼ ਕਰਨਾ), ਤਾਂ ਉਸਦੀ ਬੇਨਤੀ ਦਾ ਜਵਾਬ ਦੇਣ ਵਾਸਤੇ ਉਸ ਤੋਂ ਬਾਅਦ ਵਿੱਚ ਬੋਲੀ ਜਾਣ ਵਾਲੀ ਬੋਲੀ/ਅਵਾਜ਼ ਦੀ ਰਿਕਾਰਡਿੰਗ 'ਤੇ ਪ੍ਰਕਿਰਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਜੇ ਤੁਹਾਡੇ ਬੱਚੇ ਦੀ 'ਵੈੱਬ ਅਤੇ ਐਪ ਸਰਗਰਮੀ' ਸੈਟਿੰਗ ਦੇ ਅਧੀਨ ਅਵਾਜ਼ ਅਤੇ ਆਡੀਓ ਸਰਗਰਮੀ ਵਿਕਲਪ 'ਤੇ ਨਿਸ਼ਾਨ ਲੱਗਾ ਹੋਇਆ ਹੈ, ਤਾਂ ਸਾਈਨ-ਇਨ ਕੀਤੇ ਡੀਵਾਈਸ (ਇਸ ਤੋਂ ਇਲਾਵਾ ਪਹਿਲਾਂ ਦੇ ਕੁਝ ਸਕਿੰਟ) 'ਤੇ Assistant ਨਾਲ ਉਨ੍ਹਾਂ ਦੀ ਅਵਾਜ਼ੀ ਗੱਲਬਾਤ ਦੀ ਰਿਕਾਰਡਿੰਗ ਨੂੰ ਉਸ ਦੇ ਖਾਤੇ ਵਿੱਚ ਸਟੋਰ ਕੀਤਾ ਜਾ ਸਕਦਾ ਹੈ।

ਤੁਹਾਡੇ ਬੱਚੇ ਦੀ ਜਾਣਕਾਰੀ ਇਕੱਤਰ ਕਰਨ ਅਤੇ ਸਟੋਰ ਕਰਨ ਲਈ ਅਸੀਂ ਕੁਕੀਜ਼, ਪਿਕਸਲ ਟੈਗਾਂ, ਸਥਾਨਕ ਸਟੋਰੇਜ, ਜਿਵੇਂ ਕਿ ਬ੍ਰਾਊਜ਼ਰ ਵੈੱਬ ਸਟੋਰੇਜ ਜਾਂ ਐਪਲੀਕੇਸ਼ਨ ਡਾਟਾ ਕੈਸ਼ੇ, ਡਾਟਾਬੇਸਾਂ ਅਤੇ ਸਰਵਰ ਲੌਗਾਂ ਸਮੇਤ ਵੱਖ-ਵੱਖ ਤਕਨਾਲੋਜੀਆਂ ਦੀ ਵਰਤੋਂ ਕਰਦੇ ਹਾਂ। ਤੁਹਾਡੇ ਬੱਚੇ ਨੂੰ ਇਨ੍ਹਾਂ ਖਾਤਿਆਂ ਜਾਂ ਪ੍ਰੋਫਾਈਲਾਂ ਲਈ Google ਉਤਪਾਦਾਂ ਅਤੇ ਸੇਵਾਵਾਂ ਨੂੰ ਵਰਤਣ ਵਾਸਤੇ ਸਾਨੂੰ ਜਿੰਨੀ ਜ਼ਰੂਰੀ ਹੋਵੇ ਉਸ ਤੋਂ ਵੱਧ ਨਿੱਜੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਲੋੜ ਨਹੀਂ ਹੁੰਦੀ।

ਅਸੀਂ ਸਾਡੇ ਵੱਲੋਂ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਕਿਵੇਂ ਵਰਤਦੇ ਹਾਂ

Google ਦੀ ਪਰਦੇਦਾਰੀ ਨੀਤੀ ਤੁਹਾਡੇ ਬੱਚੇ ਦੇ Google ਖਾਤੇ ਜਾਂ ਪ੍ਰੋਫਾਈਲ ਦੇ ਸੰਬੰਧ ਵਿੱਚ Google ਵੱਲੋਂ ਇਕੱਤਰ ਕੀਤੇ ਜਾਣ ਵਾਲੇ ਡਾਟੇ ਦੀ ਸਾਡੀ ਵਰਤੋਂ ਦੇ ਤਰੀਕੇ ਬਾਰੇ ਵਿਸਤਾਰ ਨਾਲ ਵਿਆਖਿਆ ਕਰਦੀ ਹੈ। ਆਮ ਤੌਰ 'ਤੇ, ਅਸੀਂ ਤੁਹਾਡੇ ਬੱਚੇ ਦੀ ਜਾਣਕਾਰੀ ਇਸ ਲਈ ਵਰਤਦੇ ਹਾਂ: ਸਾਡੀਆਂ ਸੇਵਾਵਾਂ ਮੁਹੱਈਆ ਕਰਵਾਉਣਾ, ਇਨ੍ਹਾਂ ਨੂੰ ਬਣਾਈ ਰੱਖਣਾ ਅਤੇ ਉਨ੍ਹਾਂ ਵਿੱਚ ਸੁਧਾਰ ਕਰਨਾ; ਨਵੀਆਂ ਸੇਵਾਵਾਂ ਦਾ ਵਿਕਾਸ ਕਰਨਾ; ਸਾਡੀਆਂ ਸੇਵਾਵਾਂ ਨੂੰ ਤੁਹਾਡੇ ਬੱਚੇ ਲਈ ਵਿਉਂਤਬੱਧ ਕਰਨਾ; ਕਾਰਗੁਜ਼ਾਰੀ ਨੂੰ ਮਾਪਣਾ ਅਤੇ ਇਹ ਸਮਝਣਾ ਕਿ ਸਾਡੀਆਂ ਸੇਵਾਵਾਂ ਨੂੰ ਕਿਵੇਂ ਵਰਤਿਆ ਜਾਂਦਾ ਹੈ; ਸਾਡੀਆਂ ਸੇਵਾਵਾਂ ਦੇ ਸੰਬੰਧ ਵਿੱਚ ਤੁਹਾਡੇ ਬੱਚੇ ਨਾਲ ਸਿੱਧਾ ਸੰਚਾਰ ਕਰਨਾ; ਅਤੇ ਸਾਡੀਆਂ ਸੇਵਾਵਾਂ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਹਾਸਲ ਕਰਨਾ।

ਇਨ੍ਹਾਂ ਉਦੇਸ਼ਾਂ ਲਈ ਤੁਹਾਡੇ ਬੱਚੇ ਦੀ ਜਾਣਕਾਰੀ 'ਤੇ ਪ੍ਰਕਿਰਿਆ ਕਰਨ ਵਾਸਤੇ ਅਸੀਂ ਵੱਖ-ਵੱਖ ਤਕਨਾਲੋਜੀਆਂ ਦੀ ਵਰਤੋਂ ਕਰਦੇ ਹਾਂ। ਅਸੀਂ ਸਵੈਚਲਿਤ ਸਿਸਟਮ ਵਰਤਦੇ ਹਾਂ ਜੋ ਤੁਹਾਡੇ ਬੱਚੇ ਦੀ ਸਮੱਗਰੀ ਜਾਂ ਅੰਤਰਕਿਰਿਆਵਾਂ ਦਾ ਵਿਸ਼ਲੇਸ਼ਣ ਕਰਦੇ ਹਨ, ਤਾਂ ਜੋ ਉਨ੍ਹਾਂ ਨੂੰ ਵਿਉਂਤਬੱਧ ਕੀਤੇ ਖੋਜ ਨਤੀਜੇ ਜਾਂ ਉਨ੍ਹਾਂ ਵੱਲੋਂ ਸਾਡੀਆਂ ਸੇਵਾਵਾਂ ਦੀ ਵਰਤੋਂ ਦੇ ਤਰੀਕੇ ਦੇ ਆਧਾਰ 'ਤੇ ਤਿਆਰ ਕੀਤੀਆਂ ਹੋਰ ਵਿਸ਼ੇਸ਼ਤਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਅਤੇ ਅਸੀਂ ਸਪੈਮ, ਮਾਲਵੇਅਰ ਅਤੇ ਗੈਰ-ਕਨੂੰਨੀ ਸਮੱਗਰੀ ਵਰਗੀ ਦੁਰਵਰਤੋਂ ਦਾ ਪਤਾ ਲਗਾਉਣ ਵਿੱਚ ਸਾਡੀ ਮਦਦ ਲਈ ਤੁਹਾਡੇ ਬੱਚੇ ਦੀ ਸਮੱਗਰੀ ਦਾ ਵਿਸ਼ਲੇਸ਼ਣ ਕਰਦੇ ਹਾਂ। ਅਸੀਂ ਡਾਟੇ ਵਿੱਚ ਪੈਟਰਨਾਂ ਦੀ ਪਛਾਣ ਕਰਨ ਲਈ ਐਲਗੋਰਿਦਮ ਵੀ ਵਰਤਦੇ ਹਾਂ। ਜਦੋਂ ਸਾਨੂੰ ਸਪੈਮ, ਮਾਲਵੇਅਰ, ਗੈਰ-ਕਨੂੰਨੀ ਸਮੱਗਰੀ ਅਤੇ ਦੁਰਵਰਤੋਂ ਦੇ ਅਜਿਹੇ ਹੋਰ ਰੂਪਾਂ ਦਾ ਪਤਾ ਲੱਗਦਾ ਹੈ ਜਿਸ ਨਾਲ ਸਾਡੀਆਂ ਨੀਤੀਆਂ ਦੀ ਉਲੰਘਣਾ ਹੁੰਦੀ ਹੋਵੇ, ਤਾਂ ਅਸੀਂ ਉਸਦੇ ਖਾਤੇ ਜਾਂ ਪ੍ਰੋਫਾਈਲ ਨੂੰ ਬੰਦ ਕਰ ਸਕਦੇ ਹਾਂ ਜਾਂ ਹੋਰ ਉਚਿਤ ਕਾਰਵਾਈ ਕਰ ਸਕਦੇ ਹਾਂ। ਕੁਝ ਹਾਲਤਾਂ ਵਿੱਚ, ਅਸੀਂ ਉਲੰਘਣਾ ਦੀ ਰਿਪੋਰਟ ਉਚਿਤ ਅਧਿਕਾਰੀਆਂ ਕੋਲ ਵੀ ਕਰ ਸਕਦੇ ਹਾਂ।

ਤੁਹਾਡੇ ਬੱਚੇ ਦੀਆਂ ਸੈਟਿੰਗਾਂ ਦੇ ਆਧਾਰ 'ਤੇ, ਅਸੀਂ ਤੁਹਾਡੇ ਬੱਚੇ ਦੀ ਜਾਣਕਾਰੀ ਦੀ ਵਰਤੋਂ ਸਿਫ਼ਾਰਸ਼ਾਂ, ਵਿਅਕਤੀਗਤ ਬਣਾਈ ਸਮੱਗਰੀ ਅਤੇ ਵਿਉਂਤੇ ਖੋਜ ਨਤੀਜੇ ਮੁਹੱਈਆ ਕਰਵਾਉਣ ਲਈ ਵੀ ਕਰ ਸਕਦੇ ਹਾਂ। ਉਦਾਹਰਨ ਲਈ, ਤੁਹਾਡੇ ਬੱਚੇ ਦੀਆਂ ਸੈਟਿੰਗਾਂ ਦੇ ਆਧਾਰ 'ਤੇ, Google Play ਤੁਹਾਡੇ ਬੱਚੇ ਨੂੰ ਪਸੰਦ ਆ ਸਕਣ ਵਾਲੀਆਂ ਨਵੀਆਂ ਐਪਾਂ ਦੀ ਸਿਫ਼ਾਰਸ਼ ਕਰਨ ਲਈ ਉਸ ਵੱਲੋਂ ਸਥਾਪਤ ਕੀਤੀਆਂ ਐਪਾਂ ਵਰਗੀ ਜਾਣਕਾਰੀ ਦੀ ਵਰਤੋਂ ਕਰ ਸਕਦਾ ਹੈ।

ਇਸ ਤੋਂ ਇਲਾਵਾ, ਤੁਹਾਡੇ ਬੱਚੇ ਦੀਆਂ ਸੈਟਿੰਗਾਂ ਦੇ ਆਧਾਰ 'ਤੇ, ਅਸੀਂ ਉੱਪਰ ਵਰਣਨ ਕੀਤੇ ਉਦੇਸ਼ਾਂ ਲਈ ਆਪਣੀਆਂ ਸੇਵਾਵਾਂ ਤੋਂ ਅਤੇ ਤੁਹਾਡੇ ਬੱਚੇ ਦੇ ਵੱਖ-ਵੱਖ ਡੀਵਾਈਸਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਆਪਸ ਵਿੱਚ ਮਿਲਾ ਸਕਦੇ ਹਾਂ। ਤੁਹਾਡੇ ਬੱਚੇ ਦੇ ਖਾਤੇ ਜਾਂ ਪ੍ਰੋਫਾਈਲ ਸੈਟਿੰਗਾਂ ਦੇ ਆਧਾਰ 'ਤੇ Google ਦੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਦੂਜੀਆਂ ਸਾਈਟਾਂ ਅਤੇ ਐਪਾਂ 'ਤੇ ਕੀਤੀ ਜਾਣ ਵਾਲੀ ਉਸਦੀ ਸਰਗਰਮੀ ਨੂੰ ਉਸਦੀ ਨਿੱਜੀ ਜਾਣਕਾਰੀ ਨਾਲ ਜੋੜਿਆ ਜਾ ਸਕਦਾ ਹੈ।

Google ਤੁਹਾਡੇ ਬੱਚੇ ਨੂੰ ਵਿਅਕਤੀਗਤ ਬਣਾਏ ਵਿਗਿਆਪਨ ਨਹੀਂ ਦਿਖਾਏਗਾ, ਇਸਦਾ ਮਤਲਬ ਇਹ ਹੈ ਕਿ ਵਿਗਿਆਪਨ ਤੁਹਾਡੇ ਬੱਚੇ ਦੇ ਖਾਤੇ ਜਾਂ ਪ੍ਰੋਫਾਈਲ ਦੀ ਜਾਣਕਾਰੀ 'ਤੇ ਆਧਾਰਿਤ ਨਹੀਂ ਹੋਣਗੇ। ਇਸਦੀ ਬਜਾਏ, ਵਿਗਿਆਪਨ ਅਜਿਹੀ ਜਾਣਕਾਰੀ 'ਤੇ ਅਧਾਰਿਤ ਹੋ ਸਕਦੇ ਹਨ ਜਿਵੇਂ ਕਿ ਉਸ ਵੈੱਬਸਾਈਟ ਜਾਂ ਐਪ ਦੀ ਸਮੱਗਰੀ ਜੋ ਤੁਹਾਡਾ ਬੱਚਾ ਦੇਖ ਰਿਹਾ ਹੈ, ਮੌਜੂਦਾ ਖੋਜ ਪੁੱਛਗਿੱਛ, ਜਾਂ ਆਮ ਟਿਕਾਣਾ (ਜਿਵੇਂ ਕਿ ਸ਼ਹਿਰ ਜਾਂ ਰਾਜ)। ਵੈੱਬ ਬ੍ਰਾਊਜ਼ ਕਰਦੇ ਸਮੇਂ ਜਾਂ ਗੈਰ-Google ਐਪਾਂ ਨੂੰ ਵਰਤਣ ਵੇਲੇ, ਤੁਹਾਡੇ ਬੱਚੇ ਨੂੰ ਹੋਰ (ਗੈਰ-Google) ਪ੍ਰਦਾਨਕਾਂ ਵੱਲੋਂ ਦਿਖਾਏ ਜਾਣ ਵਾਲੇ ਵਿਗਿਆਪਨ ਦਿਖਾਈ ਦੇ ਸਕਦੇ ਹਨ, ਜਿਸ ਵਿੱਚ ਤੀਜੀਆਂ-ਧਿਰਾਂ ਵੱਲੋਂ ਵਿਅਕਤੀਗਤ ਬਣਾਏ ਵਿਗਿਆਪਨ ਸ਼ਾਮਲ ਹਨ।

ਜਾਣਕਾਰੀ ਜੋ ਤੁਹਾਡਾ ਬੱਚਾ ਸਾਂਝੀ ਕਰ ਸਕਦਾ ਹੈ

ਜਦੋਂ ਤੁਹਾਡੇ ਬੱਚੇ ਨੇ ਆਪਣੇ Google ਖਾਤੇ ਜਾਂ ਪ੍ਰੋਫਾਈਲ ਨਾਲ ਸਾਈਨ-ਇਨ ਕੀਤਾ ਹੋਵੇ ਤਾਂ ਉਹ ਫ਼ੋਟੋਆਂ, ਵੀਡੀਓ, ਆਡੀਓ ਅਤੇ ਟਿਕਾਣੇ ਸਮੇਤ, ਜਾਣਕਾਰੀ ਨੂੰ ਜਨਤਕ ਤੌਰ 'ਤੇ ਅਤੇ ਦੂਜਿਆਂ ਨਾਲ ਸਾਂਝਾ ਕਰ ਸਕਦਾ ਹੈ। ਜਦੋਂ ਤੁਹਾਡਾ ਬੱਚਾ ਜਨਤਕ ਤੌਰ 'ਤੇ ਜਾਣਕਾਰੀ ਸਾਂਝੀ ਕਰਦਾ ਹੈ, ਤਾਂ ਇਸ ਤੱਕ Google Search ਵਰਗੇ ਖੋਜ ਇੰਜਣਾਂ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ।

ਉਹ ਜਾਣਕਾਰੀ ਜੋ Google ਸਾਂਝੀ ਕਰਦਾ ਹੈ

ਸਾਡੇ ਵੱਲੋਂ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਸੀਮਤ ਸਥਿਤੀਆਂ ਵਿੱਚ Google ਤੋਂ ਬਾਹਰ ਸਾਂਝਾ ਕੀਤਾ ਜਾ ਸਕਦਾ ਹੈ। ਅਸੀਂ ਅੱਗੇ ਦਿੱਤੇ ਮਾਮਲਿਆਂ ਨੂੰ ਛੱਡ ਕੇ ਨਿੱਜੀ ਜਾਣਕਾਰੀ ਨੂੰ Google ਤੋਂ ਬਾਹਰ ਵਾਲੀਆਂ ਕੰਪਨੀਆਂ, ਸੰਸਥਾਵਾਂ ਅਤੇ ਲੋਕਾਂ ਨਾਲ ਸਾਂਝਾ ਨਹੀਂ ਕਰਦੇ:

ਸਹਿਮਤੀ ਨਾਲ

ਅਸੀਂ ਸਹਿਮਤੀ ਨਾਲ ਨਿੱਜੀ ਜਾਣਕਾਰੀ ਨੂੰ Google ਦੇ ਬਾਹਰ ਸਾਂਝਾ ਕਰਾਂਗੇ (ਜਿਵੇਂ ਲਾਗੂ ਹੋਵੇ)।

ਤੁਹਾਡੇ ਪਰਿਵਾਰ ਗਰੁੱਪ ਨਾਲ

ਤੁਹਾਡੇ ਬੱਚੇ ਦੇ ਨਾਮ, ਫ਼ੋਟੋ, ਈਮੇਲ ਪਤੇ, ਅਤੇ Play ਖਰੀਦਾਂ ਸਮੇਤ ਉਸਦੀ ਜਾਣਕਾਰੀ ਨੂੰ Google 'ਤੇ ਤੁਹਾਡੇ ਪਰਿਵਾਰ ਗਰੁੱਪ ਦੇ ਮੈਂਬਰਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ।

ਬਾਹਰੀ ਪ੍ਰਕਿਰਿਆ ਲਈ

ਅਸੀਂ ਨਿੱਜੀ ਜਾਣਕਾਰੀ ਨੂੰ ਸਾਡੇ ਸਹਿਯੋਗੀਆਂ ਜਾਂ ਹੋਰ ਭਰੋਸੇਯੋਗ ਕਾਰੋਬਾਰਾਂ ਜਾਂ ਵਿਅਕਤੀਆਂ ਨੂੰ ਸਾਡੇ ਲਈ ਉਸ 'ਤੇ ਪ੍ਰਕਿਰਿਆ ਕਰਨ ਵਾਸਤੇ ਮੁਹੱਈਆ ਕਰਵਾਉਂਦੇ ਹਾਂ। ਇਹ ਪ੍ਰਕਿਰਿਆ ਸਾਡੀਆਂ ਹਿਦਾਇਤਾਂ ਅਤੇ ਇਸ ਪਰਦੇਦਾਰੀ ਨੋਟਿਸ, Google ਪਰਦੇਦਾਰੀ ਨੀਤੀ ਦੀ ਪਾਲਣਾ ਕਰਦੇ ਹੋਏ ਅਤੇ ਕਿਸੇ ਵੀ ਤਰ੍ਹਾਂ ਦੀ ਹੋਰ ਉਚਿਤ ਗੁਪਤਤਾ ਅਤੇ ਸੁਰੱਖਿਆ ਉਪਾਵਾਂ ਨੂੰ ਵਰਤਦੇ ਹੋਏ ਕੀਤੀ ਜਾਂਦੀ ਹੈ।

ਕਨੂੰਨੀ ਕਾਰਨਾਂ ਕਰਕੇ

ਜੇ ਸਾਨੂੰ ਇਹ ਭਰੋਸਾ ਹੋਵੇ ਕਿ ਜਾਣਕਾਰੀ ਤੱਕ ਪਹੁੰਚ, ਇਸਦੀ ਵਰਤੋਂ, ਇਸਨੂੰ ਸੰਭਾਲ ਕੇ ਰੱਖਣਾ ਜਾਂ ਇਸਦਾ ਖੁਲਾਸਾ ਅੱਗੇ ਦਿੱਤੇ ਕੰਮਾਂ ਲਈ ਉਚਿਤ ਤੌਰ 'ਤੇ ਜ਼ਰੂਰੀ ਹੈ, ਤਾਂ ਅਸੀਂ ਨਿੱਜੀ ਜਾਣਕਾਰੀ ਨੂੰ Google ਦੇ ਬਾਹਰ ਕੰਪਨੀਆਂ, ਸੰਸਥਾਵਾਂ ਜਾਂ ਵਿਅਕਤੀਆਂ ਨਾਲ ਸਾਂਝਾ ਕਰਾਂਗੇ:

  • ਕਿਸੇ ਵੀ ਲਾਗੂ ਹੋਣ ਵਾਲੇ ਕਨੂੰਨ, ਨਿਯਮ, ਕਨੂੰਨੀ ਪ੍ਰਕਿਰਿਆ ਜਾਂ ਲਾਗੂ ਕਰਨਯੋਗ ਸਰਕਾਰੀ ਬੇਨਤੀ ਨੂੰ ਪੂਰਾ ਕਰਨਾ;

  • ਸੰਭਾਵੀ ਉਲੰਘਣਾਵਾਂ ਦੀ ਜਾਂਚ-ਪੜਤਾਲ ਕਰਨ ਸਮੇਤ, ਲਾਗੂ ਹੋਣ ਵਾਲੇ ਸੇਵਾ ਦੇ ਨਿਯਮਾਂ ਨੂੰ ਲਾਗੂ ਕਰਨਾ;

  • ਧੋਖਾਧੜੀ, ਸੁਰੱਖਿਆ ਜਾਂ ਤਕਨੀਕੀ ਸਮੱਸਿਆਵਾਂ ਦਾ ਪਤਾ ਲਗਾਉਣਾ, ਉਨ੍ਹਾਂ ਨੂੰ ਰੋਕਣਾ ਜਾਂ ਉਂਝ ਉਨ੍ਹਾਂ ਵੱਲ ਧਿਆਨ ਦੇਣਾ;

  • ਕਨੂੰਨ ਮੁਤਾਬਕ ਲੋੜੀਂਦਾ ਜਾਂ ਆਗਿਆ ਹੋਣ 'ਤੇ, Google, ਸਾਡੇ ਵਰਤੋਂਕਾਰਾਂ ਜਾਂ ਜਨਤਾ ਦੇ ਅਧਿਕਾਰਾਂ, ਸੰਪਤੀ ਜਾਂ ਸੁਰੱਖਿਆ ਨੂੰ ਨੁਕਸਾਨ ਤੋਂ ਬਚਾਉਣਾ।

ਅਸੀਂ ਨਿੱਜੀ ਪਛਾਣ ਨਾ ਕਰਨ ਵਾਲੀ ਜਾਣਕਾਰੀ (ਜਿਵੇਂ ਕਿ ਸਾਡੀਆਂ ਸੇਵਾਵਾਂ ਦੀ ਆਮ ਵਰਤੋਂ ਬਾਰੇ ਰੁਝਾਨ) ਜਨਤਕ ਤੌਰ 'ਤੇ ਅਤੇ ਆਪਣੇ ਪਾਰਟਨਰਾਂ ਨਾਲ ਵੀ ਸਾਂਝੀ ਕਰ ਸਕਦੇ ਹਾਂ — ਜਿਵੇਂ ਕਿ ਪ੍ਰਕਾਸ਼ਕ, ਵਿਗਿਆਪਨਦਾਤਾ, ਵਿਕਾਸਕਾਰ ਜਾਂ ਅਧਿਕਾਰ ਰੱਖਣ ਵਾਲੇ ਧਾਰਕ। ਉਦਾਹਰਨ ਲਈ, ਅਸੀਂ ਸਾਡੀਆਂ ਸੇਵਾਵਾਂ ਦੀ ਆਮ ਵਰਤੋਂ ਬਾਰੇ ਰੁਝਾਨਾਂ ਨੂੰ ਦਿਖਾਉਣ ਲਈ ਜਨਤਕ ਤੌਰ 'ਤੇ ਜਾਣਕਾਰੀ ਸਾਂਝੀ ਕਰਦੇ ਹਾਂ। ਇਸ ਤੋਂ ਇਲਾਵਾ, ਅਸੀਂ ਵਿਸ਼ੇਸ਼ ਪਾਰਟਨਰਾਂ ਨੂੰ ਉਨ੍ਹਾਂ ਦੀਆਂ ਖੁਦ ਦੀਆਂ ਕੁਕੀਜ਼ ਜਾਂ ਅਜਿਹੀਆਂ ਤਕਨਾਲੋਜੀਆਂ ਦੀ ਵਰਤੋਂ ਕਰ ਕੇ ਵਿਗਿਆਪਨ ਅਤੇ ਮਾਪ ਦੇ ਉਦੇਸ਼ਾਂ ਲਈ ਬ੍ਰਾਊਜ਼ਰਾਂ ਜਾਂ ਡੀਵਾਈਸਾਂ ਤੋਂ ਜਾਣਕਾਰੀ ਇਕੱਤਰ ਕਰਨ ਦੀ ਆਗਿਆ ਵੀ ਦਿੰਦੇ ਹਾਂ।

ਤੁਹਾਡੇ ਬੱਚੇ ਦੀ ਨਿੱਜੀ ਜਾਣਕਾਰੀ ਤੱਕ ਪਹੁੰਚ

ਜੇ ਤੁਹਾਡੇ ਬੱਚੇ ਕੋਲ Google ਖਾਤਾ ਹੈ, ਤਾਂ ਤੁਸੀਂ ਆਪਣੇ ਬੱਚੇ ਦੇ Google ਖਾਤੇ ਵਿੱਚ ਸਾਈਨ-ਇਨ ਕਰ ਕੇ ਉਸਦੀ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹੋ, ਉਸਨੂੰ ਅੱਪਡੇਟ ਕਰ ਸਕਦੇ ਹੋ, ਉਸਨੂੰ ਹਟਾ ਸਕਦੇ ਹੋ, ਨਿਰਯਾਤ ਕਰ ਸਕਦੇ ਹੋ ਅਤੇ ਉਸ 'ਤੇ ਪ੍ਰਕਿਰਿਆ ਕਰਨ 'ਤੇ ਪ੍ਰਤਿਬੰਧ ਲਗਾ ਸਕਦੇ ਹੋ। ਜੇ ਤੁਹਾਨੂੰ ਆਪਣੇ ਬੱਚੇ ਦਾ ਪਾਸਵਰਡ ਯਾਦ ਨਹੀਂ ਹੈ, ਤਾਂ ਤੁਸੀਂ ਇਸਨੂੰ Family Link ਐਪ ਜਾਂ ਵੈੱਬ 'ਤੇ Family Link ਸੈਟਿੰਗਾਂ ਰਾਹੀਂ ਰੀਸੈੱਟ ਕਰ ਸਕਦੇ ਹੋ। ਸਾਈਨ-ਇਨ ਹੋਣ 'ਤੇ, ਤੁਸੀਂ ਆਪਣੇ ਬੱਚੇ ਦੀਆਂ ਪਰਦੇਦਾਰੀ ਸੈਟਿੰਗਾਂ ਅਤੇ ਜਾਣਕਾਰੀ ਦਾ ਪ੍ਰਬੰਧਨ ਕਰਨ ਵਿੱਚ ਮਦਦ ਲਈ Google ਪਰਦੇਦਾਰੀ ਨੀਤੀ ਵਿੱਚ ਵਰਣਨ ਕੀਤੇ ਗਏ ਵੱਖ-ਵੱਖ ਕੰਟਰੋਲ ਵਰਤ ਸਕਦੇ ਹੋ, ਜਿਵੇਂ ਕਿ Google ਸਰਗਰਮੀ ਕੰਟਰੋਲ

ਜੇ ਤੁਹਾਡੇ ਬੱਚੇ ਕੋਲ ਪ੍ਰੋਫਾਈਲ ਹੈ, ਤਾਂ ਤੁਸੀਂ Family Link ਐਪ ਜਾਂ ਵੈੱਬ 'ਤੇ Family Link ਸੈਟਿੰਗਾਂ ਰਾਹੀਂ ਉਸਦੀ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹੋ, ਉਸਨੂੰ ਅੱਪਡੇਟ ਕਰ ਸਕਦੇ ਹੋ, ਉਸਨੂੰ ਹਟਾ ਸਕਦੇ ਹੋ, ਨਿਰਯਾਤ ਕਰ ਸਕਦੇ ਹੋ ਅਤੇ ਉਸ 'ਤੇ ਪ੍ਰਕਿਰਿਆ ਕਰਨ 'ਤੇ ਪ੍ਰਤਿਬੰਧ ਲਗਾ ਸਕਦੇ ਹੋ।

ਤੁਹਾਡੇ ਬੱਚੇ ਕੋਲ “ਮੇਰੀ ਸਰਗਰਮੀ” ਵਿੱਚ ਆਪਣੀ ਪਿਛਲੀ ਸਰਗਰਮੀ ਨੂੰ ਮਿਟਾਉਣ, ਅਤੇ ਪੂਰਵ-ਨਿਰਧਾਰਤ ਤੌਰ 'ਤੇ ਤੀਜੀਆਂ-ਧਿਰਾਂ ਨੂੰ ਐਪ ਇਜਾਜ਼ਤਾਂ ਦੇਣ (ਡੀਵਾਈਸ ਦਾ ਟਿਕਾਣਾ, ਮਾਈਕ੍ਰੋਫ਼ੋਨ, ਜਾਂ ਸੰਪਰਕਾਂ ਵਰਗੀਆਂ ਚੀਜ਼ਾਂ ਸਮੇਤ) ਦੀ ਸਮਰੱਥਾ ਹੋਵੇਗੀ। ਤੁਸੀਂ ਆਪਣੇ ਬੱਚੇ ਦੇ Google ਖਾਤੇ ਜਾਂ ਪ੍ਰੋਫਾਈਲ ਜਾਣਕਾਰੀ ਦਾ ਸੰਪਾਦਨ ਕਰਨ ਜਾਂ ਉਸਨੂੰ ਸੋਧਣ, ਐਪ ਸਰਗਰਮੀ ਅਤੇ ਐਪ ਇਜਾਜ਼ਤਾਂ ਦੀ ਸਮੀਖਿਆ ਕਰਨ, ਅਤੇ ਆਪਣੇ ਬੱਚੇ ਦੀ ਜਾਣਕਾਰੀ ਤੱਕ ਪਹੁੰਚ ਕਰਨ ਲਈ ਐਪਾਂ ਜਾਂ ਤੀਜੀ-ਧਿਰ ਦੀਆਂ ਸੇਵਾਵਾਂ ਨੂੰ ਕੁਝ ਖਾਸ ਇਜਾਜ਼ਤਾਂ ਦੇਣ ਦੀ ਆਪਣੇ ਬੱਚੇ ਦੀ ਸਮਰੱਥਾ ਦਾ ਪ੍ਰਬੰਧਨ ਕਰਨ ਲਈ ਵੀ Family Link ਐਪ ਦੀ ਵਰਤੋਂ ਕਰ ਸਕਦੇ ਹੋ।

ਜੇ ਤੁਸੀਂ ਕਿਸੇ ਵੀ ਵੇਲੇ ਆਪਣੇ ਬੱਚੇ ਦੀ ਜਾਣਕਾਰੀ ਨੂੰ ਹੋਰ ਇਕੱਤਰ ਕਰਨਾ ਜਾਂ ਉਸਦੀ ਵਰਤੋਂ ਨੂੰ ਬੰਦ ਕਰਨਾ ਚਾਹੁੰਦੇ ਹੋ, ਤਾਂ ਤੁਸੀਂ Family Link ਐਪ ਜਾਂ ਵੈੱਬ 'ਤੇ Family Link ਸੈਟਿੰਗਾਂ ਵਿੱਚ ਜਾ ਕੇ "ਖਾਤਾ ਮਿਟਾਓ" ਜਾਂ "ਪ੍ਰੋਫਾਈਲ ਮਿਟਾਓ" 'ਤੇ ਕਲਿੱਕ ਕਰ ਕੇ ਆਪਣੇ ਬੱਚੇ ਦੇ Google ਖਾਤੇ ਜਾਂ ਪ੍ਰੋਫਾਈਲ ਨੂੰ ਮਿਟਾ ਸਕਦੇ ਹੋ। ਤੁਹਾਡੇ ਬੱਚੇ ਦੇ ਖਾਤੇ ਜਾਂ ਪ੍ਰੋਫਾਈਲ ਦੀ ਜਾਣਕਾਰੀ ਨੂੰ ਉਚਿਤ ਸਮੇਂ ਅੰਦਰ ਪੱਕੇ ਤੌਰ 'ਤੇ ਮਿਟਾ ਦਿੱਤਾ ਜਾਵੇਗਾ।

ਸਾਨੂੰ ਸੰਪਰਕ ਕਰੋ

ਜੇ ਆਪਣੇ ਬੱਚੇ ਦੇ Google ਖਾਤੇ ਜਾਂ ਪ੍ਰੋਫਾਈਲ ਬਾਰੇ ਤੁਹਾਡਾ ਕੋਈ ਸਵਾਲ ਹੈ, ਤਾਂ ਬੇਝਿਜਕ ਸਾਡੇ ਨਾਲ ਸੰਪਰਕ ਕਰੋ। ਅਸੀਂ ਮਦਦ ਕਰਨ ਲਈ ਉਪਲਬਧ ਹਾਂ। Family Link ਅਤੇ ਆਪਣੇ ਬੱਚੇ ਦੇ Google ਖਾਤੇ ਜਾਂ ਪ੍ਰੋਫਾਈਲ ਬਾਰੇ ਵਧੀਕ ਜਾਣਕਾਰੀ ਲਈ ਤੁਸੀਂ ਸਾਡੇ ਮਦਦ ਕੇਂਦਰ 'ਤੇ ਜਾ ਸਕਦੇ ਹੋ। ਮੀਨੂ ☰ > ਮਦਦ ਅਤੇ ਵਿਚਾਰ > ਵਿਚਾਰ ਭੇਜੋ 'ਤੇ ਟੈਪ ਕਰ ਕੇ, ਜਾਂ ਈਮੇਲ ਰਾਹੀਂ ਸਾਡੇ ਨਾਲ ਸੰਪਰਕ ਕਰ ਕੇ ਜਾਂ ਹੇਠਾਂ ਦਿੱਤੇ ਪਤੇ 'ਤੇ ਸੰਪਰਕ ਕਰ ਕੇ ਤੁਸੀਂ Family Link ਐਪ ਵਿੱਚ Family Link ਬਾਰੇ ਜਾਂ ਆਪਣੇ ਬੱਚੇ ਦੇ Google ਖਾਤੇ ਜਾਂ ਪ੍ਰੋਫਾਈਲ ਬਾਰੇ ਸਾਨੂੰ ਵਿਚਾਰ ਵੀ ਭੇਜ ਸਕਦੇ ਹੋ।

Google
1600 Amphitheatre Parkway
Mountain View, CA 94043 USA
ਫ਼ੋਨ: +1 855 696 1131 (USA)
ਹੋਰ ਦੇਸ਼ਾਂ ਲਈ, g.co/FamilyLink/Contact 'ਤੇ ਜਾਓ

ਜੇ ਤੁਹਾਡਾ ਇਸ ਬਾਰੇ ਕੋਈ ਸਵਾਲ ਹੈ ਕਿ Google ਤੁਹਾਡੇ ਬੱਚੇ ਦੇ ਡਾਟੇ ਨੂੰ ਕਿਵੇਂ ਇਕੱਤਰ ਕਰਦਾ ਹੈ ਅਤੇ ਵਰਤਦਾ ਹੈ, ਤਾਂ ਤੁਸੀਂ Google ਅਤੇ ਸਾਡੇ ਡਾਟਾ ਸੁਰੱਖਿਆ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਸਥਾਨਕ ਕਨੂੰਨ ਦੇ ਤਹਿਤ ਆਪਣੇ ਹੱਕਾਂ ਨੂੰ ਲੈ ਕੇ ਚਿੰਤਤ ਹੋ, ਤਾਂ ਤੁਸੀਂ ਆਪਣੇ ਸਥਾਨਕ ਡਾਟਾ ਸੁਰੱਖਿਆ ਅਧਿਕਾਰੀ ਨਾਲ ਵੀ ਸੰਪਰਕ ਕਰ ਸਕਦੇ ਹੋ।

13 ਸਾਲ (ਜਾਂ ਤੁਹਾਡੇ ਦੇਸ਼ ਵਿੱਚ ਲਾਗੂ ਉਮਰ) ਤੋਂ ਛੋਟੇ ਬੱਚਿਆਂ ਲਈ Family Link ਖੁਲਾਸਾ ਦੇਖੋ

Google ਐਪਾਂ
ਮੁੱਖ ਮੀਨੂ